Exclusive ‘ਦ ਖਾਲਸ ਟੀਵੀ-‘ਮੈਂ ਇਹ ਨਹੀਂ ਕਹਾਂਗਾ ਕਿ ਭੁੱਲਰ ਦਾ ਘੱਟ ਕਸੂਰ ਹੈ, ਮੈਂ ਕਹਾਂਗਾ ਕਿ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਬੇਕਸੂਰ ਹੈ’ ਇਹ ਸ਼ਬਦ ਪੰਜਾਬ ਦੇ ਸਾਬਕਾ ਡੀਜੀਪੀ ਸਰਬਦੀਪ ਸਿੰਘ ਵਿਰਕ ਦੇ ਹਨ, ਜਿਨਾਂ ਨੇ ‘ਦ ਖਾਲਸ ਟੀਵੀ ਨਾਲ ਖਾਸ ਇੰਟਰਵਿਊ ਦੌਰਾਨ ਇਸਦਾ ਖੁਲਾਸਾ ਕੀਤਾ।
ਸਾਬਕਾ ਡੀਜੀਪੀ ਨੇ ਦੱਸਿਆ ਕਿ ਭੁੱਲਰ ਦੀ ਮਾਤਾ ਨੇ ਮੈਨੂੰ ਪ੍ਰੋ. ਭੁੱਲਰ ਦਾ ਸਾਰਾ ਕੇਸ ਪੜ੍ਹਾਇਆ ਸੀ, ਮੈਂ ਸਾਰਾ ਕੇਸ ਚੰਗੀ ਤਰਾਂ ਪੜ੍ਹਿਆ ਜਿਸ ਵਿੱਚ ਸਾਫ ਸੀ ਕਿ ਕੇਸ ਦੇ ਇੱਕ ਜੱਜ ਨੇ ਵੀ ਭੁੱਲਰ ਨੂੰ ਬੇਕਸੂਰ ਠਹਿਰਾਇਆ ਸੀ ਪਰ ਭੁੱਲਰ ਦੀ ਜ਼ਿੰਦਗੀ ਉਸ ਵਕਤ ਪੰਜਾਬ ਦੇ ਵਿਗੜੇ ਹਾਲਾਤਾਂ ਦੀ ਭੇਂਟ ਚੜ੍ਹਕੇ ਜੇਲ੍ਹ ਦਾ ਹਿੱਸਾ ਬਣ ਗਈ।
ਵਿਰਕ ਨੇ ਕਿਹਾ, ‘ਭੁੱਲਰ ਦੇ ਕੇਸ ਦੇ ਵਿੱਚ ਸੁਪਰੀਮ ਕੋਰਟ ਦੇ ਜੱਜ ਜਸਟਿਸ ਸ਼ਾਹ, ਜੋ ਕਿ ਉਕਤ ਕੇਸ ਵਿੱਚ ਬੈਂਚ ਦੇ ਮੁੱਖ ਜੱਜ ਸਨ, ਨੇ ਲਿਖਿਆ ਸੀ ਕਿ ਭੁੱਲਰ ਦਾ ਕੋਈ ਕਸੂਰ ਨਹੀਂ ਹੈ, ਮੈਂ ਇਹ ਨਹੀਂ ਕਹਿੰਦਾ ਕਿ ਭੁੱਲਰ ਦਾ ਘੱਟ ਕਸੂਰ ਹੈ, ਮੈਂ ਕਹਿੰਦਾ ਕਿ ਦਵਿੰਦਰਪਾਲ ਸਿੰਘ ਭੁੱਲਰ ਬੇਕਸੂਰ ਹੈ, ਮੈਂ ਸਾਰਾ ਕੇਸ ਪੜ੍ਹਿਆ ਹੈ, ਉਹ ਬਿਲਕੁਲ ਸਹੀ ਹੈ। ਪਰ ਪੰਜਾਬ ਦੇ ਵਿਗੜੇ ਹੋਏ ਹਾਲਾਤ ਸਨ, ਜਸਟਿਸ ਸ਼ਾਹ ਨੇ ਬੇਕਸੂਰ ਕਰਾਰ ਦਿੱਤਾ ਪਰ ਦੂਜੇ ਜੱਜਾਂ ਨੇ ਫੈਸਲਾ ਪਲਟ ਦਿੱਤਾ। ਵਿਰਕ ਨੇ ਕਿਹਾ ਮੈਨੂੰ ਇਹ ਕਹਿਣ ‘ਚ ਕੋਈ ਸ਼ੱਕ ਨਹੀਂ ਹੈ ਕਿ ਭੁੱਲਰ ਨੂੰ ਉਸ ਵਕਤ ਜੋ ਫਾਂਸੀ ਹੋਈ ਸੀ ਉਹ ਗਲਤ ਹੋਈ ਸੀ।
ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਇਸ ਵਕਤ ਪੈਰੋਲ ‘ਤੇ ਹਨ, ਭੁੱਲਰ 1993 ਦੇ ਮੁੰਬਈ ਬੰਬ ਕਾਂਡ ਦਾ ਦੋਸ਼ੀ ਮੰਨਦਿਆਂ ਫਾਂਸੀ ਦੀ ਸਜ਼ਾ ਸੁਣਾਈ ਗਈ ਜਿਸਨੂੰ 2014 ਵਿੱਚ ਉਮਰ ਕੈਦ ਵਿੱਚ ਬਦਲ ਦਿੱਤਾ ਗਿਆ ਸੀ।
‘ਦ ਖਾਲਸ ਟੀਵੀ ਦੀ ਗਰੁੱਪ ਐਡੀਟਰ ਹਰਸ਼ਰਨ ਕੌਰ ਨਾਲ ਖਾਸ ਗੱਲਬਾਤ ਦੌਰਾਨ ਪੰਜਾਬ ਅਤੇ ਮਹਾਂਰਾਸ਼ਟਰ ਦੇ ਡੀਜੀਪੀ ਰਹਿ ਚੁੱਕੇ ਐਸਐਸ ਵਿਰਕ ਨੇ ਅਪਰਾਧਿਕ ਕੇਸ ਦਾ ਸਾਹਮਣਾ ਕਰ ਰਹੇ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਦੀ ਗੈਰਕਾਨੂੰਨੀ ਢੰਗ ਨਾਲ ਹੋਈ ਨਿਯੁਕਤੀ ਸਮੇਤ ਖਾੜਕੂਵਾਦ ਦੇ ਦੌਰ ਦੀਆਂ ਕਈ ਗੱਲਾਂ ਲੋਕਾਂ ਸਾਹਮਣੇ ਰੱਖੀਆਂ ਹਨ। ਪੂਰਾ ਇੰਟਰਵਿਊ ਤੁਸੀਂ ਹੇਠਾਂ ਦਿੱਤੇ ਲਿੰਕ ਵਿੱਚ ਦੇਖ ਸਕਦੇ ਹੋ।