1 ਜੁਲਾਈ ਤੋਂ ਪੰਜਾਬ ਸਰਕਾਰ ਨੇ 300 ਯੂਨਿਟ ਫ੍ਰੀ ਬਿਜਲੀ ਦੇਣ ਦਾ ਵਾਅਦਾ ਪੂਰਾ ਕਰ ਦਿੱਤਾ

1 ਜੁਲਾਈ ਪੰਜਾਬ ਦੇ ਲੋਕਾਂ ਦੇ ਲਈ ਡਬਲ ਖੁਸ਼ੀ ਲੈ ਕੇ ਆਇਆ ਹੈ। ਸੂਬੇ ਵਿੱਚ ਹਰ ਮਹੀਨੇ 300 ਯੂਨਿਟ ਫ੍ਰੀ ਬਿਜਲੀ ਦੀ ਸ਼ੁਰੂਆਤ ਹੋ ਗਈ ਹੈ। ਇਸਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਇਕ ਹੋਰ ਵੱਡਾ ਐਲਾਨ ਕਰਕੇ ਜਨਤਾ ਨੂੰ ਵੱਡਾ ਤੋਹਫ਼ਾ ਦਿੱਤਾ ਹੈ। ਸਰਕਾਰ ਨੇ 31 ਦਸੰਬਰ ਤੱਕ ਸਾਰੇ ਬਕਾਇਆ ਬਿਜਲੀ ਦੇ ਬਿਲ ਮੁਆਫ ਕਰ ਦਿੱਤੇ ਹਨ। ਇਸ ਸਕੀਮ ਵਿੱਚ ਹਰ ਕਿੱਲੋਵਾਟ ਅਤੇ ਹਰ ਕੈਟੇਗਰੀ ਦੇ ਬਿਲ ਮੁਆਫ ਹੋਣਗੇ। ਯਾਨਿ 31 ਦਸੰਬਰ ਤੱਕ ਜਿਨ੍ਹਾਂ ਲੋਕਾਂ ਨੇ ਬਿਜਲੀ ਦੇ ਬਿਲ ਨਹੀਂ ਭਰੇ ਸਨ, ਉਨ੍ਹਾਂ ਦਾ ਭਾਵੇਂ ਜਿੰਨਾਂ ਮਰਜ਼ੀ ਬਿਲ ਹੋਵੇ ਉਨ੍ਹਾਂ ਨੂੰ ਕੋਈ ਪੈਸਾ ਨਹੀਂ ਦੇਣਾ ਹੋਵੇਗਾ। ਇਸ ਦੇ ਨਾਲ ਜਿਨ੍ਹਾਂ ਲੋਕਾਂ ਦੇ ਕੁਨੈਕਸ਼ਨ ਬਿਲ ਨਾ ਭਰਨ ਦੀ ਵਜ੍ਹਾ ਕਰਕੇ ਕੱਟ ਦਿੱਤੇ ਗਏ ਸਨ, ਉਨ੍ਹਾਂ ਨੂੰ ਮੁੜ ਬਿਜਲੀ ਦਾ ਕੁਨੈਕਸ਼ਨ ਮਿਲ ਜਾਵੇਗਾ। ਹਾਲਾਂਕਿ 300 ਯੂਨਿਟ ਫ੍ਰੀ ਬਿਜਲੀ ਅਤੇ 31 ਦਸੰਬਰ ਤੱਕ ਬਕਾਏ ਬਿਜਲੀ ਦੇ ਬਿਲ ਮੁਆਫੀ ਨਾਲ ਸਰਕਾਰ ਦੇ ਮਾਲੀ ਬੋਝ ਵਧੇਗਾ ਪਰ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਫ਼ ਕੀਤਾ ਕਿ ਉਨ੍ਹਾਂ ਦੀ ਸਰਕਾਰ ਪੈਸੇ ਦੀ ਲੀਕੇਜ ਰੋਕੇਗੀ ਅਤੇ ਐਕਸਾਇਜ ਅਤੇ ਟਰਾਂਸਪੋਰਟ ਤੋਂ ਪੈਸਾ ਇਕੱਠਾ ਕਰਕੇ ਲੋਕਾਂ ਨੂੰ ਸਹੂਲਤ ਦੇਵੇਗੀ। ਇਸ ਦੇ ਨਾਲ ਸੀਐੱਮ ਭਗਵੰਤ ਮਾਨ ਨੇ ਕੱਚੇ ਮੁਲਾਜ਼ਮਾਂ ਲਈ ਵੀ ਵੱਡਾ ਐਲਾਨ ਕੀਤਾ ਹੈ।

ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇਗਾ

ਸਰਕਾਰ ਨੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੇ ਲਈ ਪਹਿਲਾਂ ਵੀਰਵਾਰ ਨੂੰ ਕਮੇਟੀ ਦਾ ਗਠਨ ਕੀਤਾ ਸੀ। ਮੁੱਖ ਮੰਤਰੀ ਭਗਵੰਤ ਮਾਨ ਨੇ ਸਾਫ਼ ਕਰ ਦਿੱਤਾ ਹੈ ਕਿ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੇ ਲਈ ਜੇਕਰ ਕਾਨੂੰਨੀ ਅਰਚਨ ਆਉਂਦੀ ਹੈ ਤਾਂ ਇਸ ਨੂੰ ਦੂਰ ਕਰਨ ਦੇ ਲਈ ਸਪੈਸ਼ਲ ਸੈਸ਼ਨ ਬੁਲਾਉਣਾ ਪਵੇ ਤਾਂ ਬੁਲਾਇਆ ਜਾਵੇਗਾ। ਇਸ ਤੋਂ ਪਹਿਲਾਂ ਚੰਨੀ ਸਰਕਾਰ ਨੇ ਵੀ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੇ ਲਈ ਰਾਜਪਾਲ ਕੋਲ ਫਾਈਲ ਭੇਜੀ ਸੀ ਪਰ ਗਵਰਨਰ ਨੇ ਉਸ ਨੂੰ ਵਾਪਸ ਕਰ ਦਿੱਤਾ ਸੀ।