‘ਦ ਖ਼ਾਲਸ ਬਿਊਰੋ :- ਕੋਵਿਡ ਦੇ ਖ਼ਤਰੇ ਹੇਠ ਲੁਧਿਆਣਾ ਦੇ ਸਿਹਤ ਵਿਭਾਗ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਦੋ ਦਿਨ ਪਹਿਲਾਂ ਲੁਧਿਆਣਾ ਵਿੱਚ ਦੋ ਲਾਸ਼ਾਂ ਦੇ ਕੋਰੋਨਾ ਪਾਜ਼ਿਟਿਵ ਆਉਣ ਤੋਂ ਬਾਅਦ ਦੁਬਾਰਾ ਲਏ ਗਏ ਨਮੁਨਿਆਂ ਵਿੱਚ ਦੋਵੇਂ ਲਾਸ਼ਾਂ ਦੀ ਰਿਪੋਰਟ ਨੈਗਟਿਵ ਆ ਗਈ ਹੈ, ਜਿਸ ਤੋਂ ਬਾਅਦ ਪ੍ਰਸ਼ਾਸਨ ਤੇ ਪੁਲਿਸ ਨੇ ਸੁੱਖ ਦਾ ਸਾਹ ਲਿਆ ਹੈ। ਹਾਲਾਂਕਿ, ਪਹਿਲਾਂ ਕਿਸ ਕਾਰਨ ਤੋਂ ਇਹ ਰਿਪੋਰਟ ਪਾਜ਼ਿਟਿਵ ਆਈ ਸੀ, ਉਹ ਹਾਲੇ ਪਤਾ ਨਹੀਂ ਚੱਲਿਆ ਹੈ।

ਦਰਅਸਲ, ਰੇਲਵੇ ਕਲੋਨੀ ਨੰਬਰ-5 ’ਚ ਕਤਲ ਕਰ ਕੇ ਲਾਸ਼ ਸੁੱਟੀ ਗਈ ਸੀ। ਥਾਣਾ ਡਿਵੀਜ਼ਨ ਨੰ. 5 ਨੂੰ ਜਦੋਂ ਲਾਸ਼ ਮਿਲੀ ਤਾਂ ਦੋ ਦਿਨ ਬਾਅਦ ਉਸ ਦੀ ਪਛਾਣ ਜਨਕਪੁਰੀ ਵਾਸੀ ਵਿਦਿਆਰਥੀ ਕਰਨ ਦੇ ਰੂਪ ’ਚ ਹੋਈ। ਇਸੇ ਦੌਰਾਨ ਜੀਆਰਪੀ ਨੂੰ ਵੀ ਇੱਕ ਲਾਸ਼ ਮਿਲੀ ਸੀ। ਦੋਵੇਂ ਲਾਸ਼ਾਂ ਦਾ ਕੋਰੋਨਾ ਟੈਸਟ ਪਹਿਲਾਂ ਪਾਜ਼ਿਟਿਵ ਆਇਆ ਸੀ, ਜਿਸ ਤੋਂ ਬਾਅਦ ਪ੍ਰਸ਼ਾਸਨ ਨੂੰ ਭਾਜੜਾਂ ਪੈ ਗਈਆਂ ਸਨ। ਇਸ ਮਾਮਲੇ ਵਿੱਚ ਪ੍ਰਸ਼ਾਸਨ ਨੇ ਡੀਸੀਪੀ ਜਾਂਚ ਸਿਮਰਤਪਾਲ ਸਿੰਘ ਢੀਂਡਸਾ, ਏਡੀਸੀਪੀ ਗੁਰਪ੍ਰੀਤ ਕੌਰ ਪੁਰੇਵਾਲ, ਏਸੀਪੀ ਜਤਿੰਦਰ ਚੋਪੜਾ, ਥਾਣਾ ਡਿਵੀਜ਼ਨ ਨੰ. 5 ਦੇ ਐੱਸਐੱਚਓ , ਏਸੀਪੀ ਕ੍ਰਾਈਮ ਮਨਦੀਪ ਸਿੰਘ ਸਣੇ 25 ਤੋਂ ਵੱਧ ਮੁਲਾਜ਼ਮਾਂ ਨੂੰ ਇਕਾਂਤਵਾਸ ਕਰ ਦਿੱਤਾ ਸੀ। ਦੋਵੇਂ ਲਾਸ਼ਾਂ ਨੂੰ ਚੁੱਕਣ ਵਾਲੇ ਹਸਪਤਾਲ ਦੇ ਮੁਲਾਜ਼ਮਾਂ ਨੂੰ ਵੀ ਇਕਾਂਤਵਾਸ ਕੀਤਾ ਗਿਆ ਸੀ। ਇਸ ਦੇ ਨਾਲ ਹੀ ਜਨਕਪੁਰੀ ਦੀ 13 ਨੰਬਰ ਗਲੀ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਸੀ।

ਸਿਹਤ ਵਿਭਾਗ ਦੇ ਪ੍ਰਮੁੱਖ ਸਕੱਤਰ ਅਨੁਰਾਗ ਅਗਰਵਾਲ ਨੇ ਦੱਸਿਆ ਕਿ ਪਹਿਲਾਂ ਰਿਪੋਰਟ ਪਾਜ਼ਿਟਿਵ ਆਈ ਸੀ। ਤਕਨੀਕੀ ਕਾਰਨਾਂ ਕਰਕੇ ਦੁਬਾਰਾ ਸੈਂਪਲ ਲੈ ਕੇ ਟੈਸਟ ਲਈ ਭੇਜਿਆ ਗਿਆ, ਜੋ ਕਿ ਨੈਗੇਟਿਵ ਨਿਕਲੇ ਹਨ।