‘ਦ ਖ਼ਾਲਸ ਬਿਊਰੋ(ਪੁਨੀਤ ਕੌਰ) :- ਸਿੱਖਾਂ ਨੇ ਹੱਕ-ਸੱਚ ਦੀ ਰਖਵਾਲੀ ਲਈ ਸਮੇਂ-ਸਮੇਂ ‘ਤੇ ਅਨੇਕਾਂ ਕੁਰਬਾਨੀਆਂ ਦਿੱਤੀਆਂ ਹਨ। ਸਿੱਖਾਂ ਨੂੰ ਇਸ ਰਾਹ ‘ਤੇ ਚਲਦਿਆਂ ਅਨੇਕਾਂ ਉਤਰਾਅ-ਚੜ੍ਹਾਅ ਵੀ ਦੇਖਣੇ ਪਏ ਅਤੇ ਅਨੇਕਾਂ ਵਾਰ ਸਿੱਖ ਵਿਚਾਰਧਾਰਾ ਨੂੰ ਦਬਾਉਣ ਅਤੇ ਖਤਮ ਕਰਨ ਦੇ ਯਤਨ ਵੀ ਕੀਤੇ ਗਏ ਪਰ ਅਣਖੀ ਸਿੱਖ ਆਪਣੇ ਗੁਰੂ ਸਾਹਿਬਾਨਾਂ ਦੇ ਦਰਸਾਏ ਹੋਏ ਮਾਰਗ-ਦਰਸ਼ਨ ‘ਤੇ ਚੱਲਦੇ ਹੋਏ ਸੰਘਰਸ਼ਸ਼ੀਲ ਰਹੇ। ਅੱਜ ਸਿੱਖ ਕੌਮ ਵੱਲੋਂ ਸਾਕਾ ਨਨਕਾਣਾ ਸਾਹਿਬ ਦੇ ਸ਼ਹੀਦਾਂ ਨੂੰ ਯਾਦ ਕੀਤਾ ਜਾ ਰਿਹਾ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਗੁਰਦੁਆਰਾ ਨਨਕਾਣਾ ਸਾਹਿਬ ਨੂੰ ਨਰੈਣੂ ਮਹੰਤ ਤੋਂ ਆਜ਼ਾਦ ਕਰਵਾਉਣ ਵੇਲੇ ਵਾਪਰੇ ਦੁਖਾਂਤ ਦੇ ਉਸ ਕਹਿਰੀ ਸਮੇਂ ਨੂੰ ਸਾਕਾ ਨਨਕਾਣਾ ਸਾਹਿਬ ਦੇ ਨਾਂ ਨਾਲ ਹਰ ਸਾਲ ਯਾਦ ਕੀਤਾ ਜਾਂਦਾ ਹੈ। ਗੁਰਦੁਆਰਾ ਨਨਕਾਣਾ ਸਾਹਿਬ ਨੂੰ ਆਜ਼ਾਦ ਕਰਵਾਉਣ ਦਾ ਮਕਸਦ ਉਸ ਪਵਿੱਤਰ ਅਸਥਾਨ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਿਧਾਂਤਾ ਨੂੰ ਪ੍ਰਚਾਰਨ ਦੇ ਕੇਂਦਰ ਵਜੋਂ ਪੇਸ਼ ਕਰਕੇ ਉੱਥੇ ਗੁਰ-ਮਰਿਯਾਦਾ ਲਾਗੂ ਕਰਵਾਉਣਾ ਸੀ।

ਗੁਰਦੁਆਰਾ ਨਨਕਾਣਾ ਸਾਹਿਬ ਵਿੱਚ ਸਮੇਂ ਦੇ ਮਹੰਤ ਨਰੈਣੂ (ਨਰਾਇਣ ਦਾਸ) ਨੇ ਅਤੇ ਇਸ ਤੋਂ ਪਹਿਲਾਂ ਦੇ ਰਹਿ ਚੁੱਕੇ ਮਹੰਤ ਸਾਧੂ ਰਾਮ ਅਤੇ ਕਿਸ਼ਨ ਦਾਸ ਨੇ ਮੱਸੇ ਰੰਘੜ ਵਾਲੇ ਸਮੇਂ ਦੇ ਹਾਲਾਤ ਤੋਂ ਵੀ ਬਦਤਰ ਹਾਲਾਤ ਬਣਾ ਦਿੱਤੇ ਸਨ। ਉੱਥੇ ਸਿਰਫ਼ ਨਚਾਰਾਂ ਦਾ ਨਾਚ ਹੀ ਨਹੀਂ ਸੀ ਹੁੰਦਾ ਬਲਕਿ ਉਸ ਅਸਥਾਨ ਦੇ ਦਰਸ਼ਨ ਕਰਨ ਜਾਣ ਵਾਲੀਆਂ ਬੀਬੀਆਂ-ਔਰਤਾਂ ਦੀ ਇੱਜ਼ਤ ਵੀ ਮਹਿਫੂਜ਼ ਨਹੀਂ ਸੀ ਰਹੀ।

ਸੰਨ 1918 ਵਿੱਚ ਗੁਰਦੁਆਰਾ ਨਨਕਾਣਾ ਸਾਹਿਬ ਪਰਿਵਾਰ ਸਮੇਤ ਨਤਮਸਤਕ ਹੋਣ ਆਏ ਇੱਕ ਰਿਟਾਇਰਡ ਸਿੰਧੀ ਅਫ਼ਸਰ ਦੀ 13 ਸਾਲ ਦੀ ਮਾਸੂਮ ਬੱਚੀ ਨਾਲ ਮਹੰਤ ਦੇ ਚੇਲੇ ਨੇ ਜਬਰ-ਜਨਾਹ ਕੀਤਾ ਸੀ। ਇਸੇ ਹੀ ਸਾਲ ਪੂਰਨਮਾਸ਼ੀ ਦੀ ਰਾਤ ਨੂੰ 6 ਬੀਬੀਆਂ ਗੁਰਦੁਆਰਾ ਸਾਹਿਬ ਦਰਸ਼ਨ ਕਰਨ ਆਈਆਂ ਸਨ ਜਿਨ੍ਹਾਂ ਨਾਲ ਵੀ ਮਹੰਤ ਦੇ ਚੇਲਿਆਂ ਨੇ ਉਹੀ ਹਸ਼ਰ ਕੀਤਾ। ਅਜਿਹੀਆਂ ਵਾਰਦਾਤਾਂ ਅਕਸਰ ਹੀ ਇੱਥੇ ਹੋਣ ਲੱਗ ਪਈਆਂ ਸਨ। ਜਦ ਸਿੱਖਾਂ ਨੇ ਮਹੰਤ ਦੀਆਂ ਇਨ੍ਹਾਂ ਮੰਦਭਾਗੀਆਂ ਘਟਨਾਵਾਂ ਵਿਰੁੱਧ ਰੋਸ ਪ੍ਰਗਟ ਕੀਤਾ ਤਾਂ ਅੱਗਿਉਂ ਮਹੰਤ ਨੇ ਐਲਾਨ ਕਰ ਦਿੱਤਾ ਕਿ ਇਹ ਗੁਰਦੁਆਰਾ ਉਨ੍ਹਾਂ ਦੀ ਨਿੱਜੀ ਦੁਕਾਨ ਹੈ,ਉਹ ਆਪਣੀਆਂ ਇਸਤਰੀਆਂ ਇੱਥੇ ਨਾ ਭੇਜਿਆ ਕਰਨ।

ਨਨਕਾਣਾ ਸਾਹਿਬ ਦੇ ਪਵਿੱਤਰ ਅਸਥਾਨ ‘ਤੇ ਇਸ ਤਰ੍ਹਾਂ ਦੇ ਕੁਕਰਮਾਂ ਨੂੰ ਰੋਕਣ ਲਈ ਅਤੇ ਗੁਰ-ਮਰਿਯਾਦਾ ਲਾਗੂ ਕਰਨ ਲਈ 26 ਜਨਵਰੀ,1921 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਇਜਲਾਸ ਵਿੱਚ ਇਸ ਬਾਰੇ ਇੱਕ ਵਿਸ਼ੇਸ਼ ਗੁਰਮਤਾ ਪਾਸ ਕਰਕੇ 4,5,6 ਮਾਰਚ,1921  ਨੂੰ ਸ਼੍ਰੀ ਨਨਕਾਣਾ ਸਾਹਿਬ ਵਿਖੇ ਸਿੱਖ ਕੌਮ ਦਾ ਭਾਰੀ ਇਕੱਠ ਸੱਦਣ ਬਾਰੇ ਵਿਚਾਰ-ਚਰਚਾ ਕੀਤੀ ਗਈ ਤਾਂ ਕਿ ਸਮੁੱਚੇ ਪੰਥਕ ਰੂਪ ਵਿੱਚ ਮਿਲ-ਬੈਠ ਕੇ ਗੁਰਦੁਆਰਿਆਂ ਦੇ ਪ੍ਰਬੰਧ ਅਤੇ ਮਹੰਤ ਨਰਾਇਣ ਦਾਸ ਬਾਰੇ ਵਿਚਾਰ ਕੀਤਾ ਜਾ ਸਕੇ। ਮਹੰਤ ਨੇ ਪ੍ਰਬੰਧ ਸੰਭਾਲਣ ਵੇਲੇ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ ਨਾ ਹੋਣ ਦੀ ਗੱਲ ਮੰਨੀ ਸੀ।

ਇਸ ਪੰਥਕ ਇਕੱਠ ਦੀ ਖ਼ਬਰ ਮਿਲਣ ‘ਤੇ ਮਹੰਤ ਨਰੈਣੂ ਨੇ ਉਸ ਭਾਰੀ ਇਕੱਠ ‘ਤੇ ਹਮਲਾ ਕਰਕੇ ਸਾਰੇ ਗੁਰੂ-ਧਾਮਾਂ ਨੂੰ ਖ਼ਤਮ ਕਰਨ ਦੀ ਵਿਉਂਤ ਬਣਾ ਲਈ ਸੀ। ਇਸ ਲਈ ਉਸਨੇ ਉੱਠ ਰਹੀ  ਗੁਰਦੁਆਰਾ ਸੁਧਾਰ ਲਹਿਰ ਦੇ ਮੁਖੀਆਂ ਸਮੇਤ ਹਾਜ਼ਰ ਸਾਰੇ ਸਿੱਖਾਂ ਦਾ ਖੁਰਾ-ਖੋਜ ਮਿਟਾਉਣ ਲਈ ਵੱਡੀ ਗਿਣਤੀ ਵਿੱਚ ਗੁਰਦੁਆਰਾ ਸਾਹਿਬ ਵਿੱਚ ਗੋਲੀ,ਸਿੱਕਾ,ਪਿਸਤੌਲਾਂ,ਬੰਦੂਕ,ਮਿੱਟੀ ਦੇ ਤੇਲ ਦੇ ਪੀਪੇ ਤੇ ਲੱਕੜਾਂ ਦਾ ਜ਼ਖੀਰਾ ਇਕੱਠਾ ਕਰ ਲਿਆ। ਮਹੰਤ ਨਰੈਣੂ ਦੇ ਇਸ ਕਾਰੇ ਦੀ ਸੂਹ ਮਿਲਦਿਆਂ ਗੁਰਸਿੱਖਾਂ ਨੇ 17 ਫ਼ਰਵਰੀ,1921 ਨੂੰ ਵਿਸ਼ੇਸ਼ ਮੀਟਿੰਗ ਸੱਦ ਕੇ 19 ਫ਼ਰਵਰੀ ਨੂੰ ਭਾਈ ਲਛਮਣ ਸਿੰਘ ਤੇ ਭਾਈ ਕਰਤਾਰ ਸਿੰਘ ਝੱਬਰ ਵੱਲੋਂ ਸ਼੍ਰੀ ਨਨਕਾਣਾ ਸਾਹਿਬ ਦੀ ਆਜ਼ਾਦੀ ਲਈ ਚਾਲੇ ਪਾਉਣ ਦਾ ਮਤਾ ਪਾਸ ਕਰ ਦਿੱਤਾ।

ਮਿੱਥੀ ਤਰੀਕ ‘ਤੇ ਅਰਦਾਸਾ ਸੋਧ ਕੇ ਗੁਰੂ ਦੇ ਲਾਡਲੇ ਸਿੰਘਾਂ ਨੇ ਗੁਰਧਾਮਾਂ ਦੀ ਆਜ਼ਾਦੀ ਲਈ ਸ਼੍ਰੀ ਨਨਕਾਣਾ ਸਾਹਿਬ ਨੂੰ ਚਾਲੇ ਪਾ ਦਿੱਤੇ। ਭਾਈ ਲਛਮਣ ਸਿੰਘ ਦਾ ਜਥਾ ਸ਼ਬਦ ਪੜ੍ਹਦਾ ਹੋਇਆ ਸ਼੍ਰੀ ਨਨਕਾਣਾ ਸਾਹਿਬ ਅੰਦਰ ਦਾਖਿਲ ਹੋਇਆ। ਮਹੰਤ ਨੇ ਬਾਹਰਲੇ ਗੇਟ ਬੰਦ ਕਰਵਾ ਦਿੱਤੇ ਅਤੇ ਸ਼ਾਂਤਮਈ ਸਿੰਘਾਂ ‘ਤੇ ਗੋਲੀਆਂ ਦੀ ਬੁਛਾੜ ਕਰ ਦਿੱਤੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ‘ਤੇ ਬੈਠੇ ਭਾਈ ਲਛਮਣ ਸਿੰਘ ਜੀ ਨੂੰ ਗੋਲੀਆਂ ਨਾਲ ਅਧਮੋਇਆ ਕਰਨ ਤੋਂ ਬਾਅਦ ਜੰਡ ਨਾਲ ਪੁੱਠਾ ਲਮਕਾ ਕੇ ਅੱਗ ਲਗਾ ਕੇ ਸ਼ਹੀਦ ਕਰ ਦਿੱਤਾ ਗਿਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ‘ਤੇ ਵੀ ਗੋਲੀਆਂ ਚਲਾਈਆਂ ਗਈਆਂ।

ਇਸੇ ਤਰ੍ਹਾਂ ਭਾਈ ਦਲੀਪ ਸਿੰਘ ਜੀ ਨੂੰ ਗੁਰਦੁਆਰੇ ਅੰਦਰ ਦਾਖਿਲ ਹੋਣ ‘ਤੇ ਬਲਦੀ ਭੱਠੀ ਵਿੱਚ ਸੁੱਟ ਕੇ ਸ਼ਹੀਦ ਕਰ ਦਿੱਤਾ ਗਿਆ। ਸ਼ਹੀਦ ਸਿੰਘਾਂ ਨੂੰ ਮਿੱਟੀ ਦਾ ਤੇਲ ਪਾ ਕੇ ਸਾੜਿਆ ਗਿਆ। ਇਸ ਸਾਕੇ ਵਿੱਚ ਦੋ ਸਾਲਾਂ ਦੇ ਇੱਕ ਸਿੱਖ ਬੱਚੇ ਨੂੰ, ਜੋ ਇੱਕ ਅਲਮਾਰੀ ਵਿੱਚ ਬੰਦ ਸੀ,ਬਾਹਰ ਕੱਢ ਕੇ ਬਲਦੀ ਅੱਗ ਵਿੱਚ ਸੁੱਟ ਕੇ ਸ਼ਹੀਦ ਕਰ ਦਿੱਤਾ ਗਿਆ,ਜੋ ਆਪਣੇ ਪਿਤਾ ਨਾਲ ਇਸ ਸ਼ਹੀਦੀ ਜਥੇ ਵਿੱਚ ਸ਼ਾਮਿਲ ਸੀ।

ਗੁਰਦੁਆਰਾ ਨਨਕਾਣਾ ਸਾਹਿਬ ਦੇ ਇਸ ਸਾਕੇ ਦੀ ਖ਼ਬਰ ਜੰਗਲ ਦੀ ਅੱਗ ਵਾਂਗ ਫੈਲ ਗਈ ਅਤੇ ਸਿੱਖਾਂ ਦੀ ਵੱਡੀ ਗਿਣਤੀ ਗੁਰਦੁਆਰੇ ਇਕੱਠੀ ਹੋਣੀ ਸ਼ੁਰੂ ਹੋ ਗਈ। 23 ਫ਼ਰਵਰੀ ਨੂੰ ਸ਼ਹੀਦ ਸਿੰਘਾਂ ਦਾ ਸਸਕਾਰ ਕੀਤਾ ਗਿਆ ਅਤੇ ਅੰਗਰੇਜ਼ ਸਰਕਾਰ ਨੇ ਸਿੱਖਾਂ ਦੇ ਰੋਹ ਅੱਗੇ ਝੁਕਦਿਆਂ ਗੁਰਦੁਆਰੇ ਦੀਆਂ ਚਾਬੀਆਂ ਸਿੱਖਾਂ ਨੂੰ ਸੌਂਪ ਦਿੱਤੀਆਂ ਅਤੇ ਕੁਕਰਮ ਕਰਨ ਵਾਲਾ ਮਹੰਤ ਫ਼ਰਾਰ ਹੋ ਗਿਆ ਸੀ। ਇਸ ਤਰ੍ਹਾਂ ਸ਼੍ਰੀ ਨਨਕਾਣਾ ਸਾਹਿਬ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਦੇ ਹੱਥਾਂ ਵਿਚ ਆ ਗਿਆ।